ਮਹਾ ਬੀਚਾਰ ਪੰਚ ਦੂਤਹ ਮੰਥ ॥

ਕਾਫੀ ਮੁਦੱਤ ਤੋਂ ਸੋਚ ਰਿਹਾ ਸੀ ਕਿ ਮੇਰੇ ਵਰਗਾ ਸਧਾਰਣ ਆਦਮੀ ਕਿਤਾਬ ਲਿਖ ਸਕਦਾ ਹੈ ? ਇਸ ਪ੍ਰਸ਼ਨ ਦਾ ਹੱਲ ਗੁਰੂ ਦਰਸ਼ਨ ਰਾਹੀਂ ਭਾਲਦਾ ਰਿਹਾ ਜੋ ਅਜੇ ਦ੍ਰਲੱਭ ਲੱਗਦੇ ਹਨ । ਬਹੁਤ ਲੋਕਾਂ ਦਰਸ਼ਨਾਂ ‘ਚ ਵਿਸ਼ਵਾਸ਼ ਨਾ ਹੋਣ ਕਾਰਣ ਇਹੀ ਕਹਿੰਦੇ ਹਨ , ਇਹ ਹੋ ਨਹੀਂ ਸਕਦੇ , ਇਹ ਇੱਕ ਵਿਚਾਰ ਹੀ ਹੈ ਇਸ ਤੋਂ ਵੱਧ ਕੁਝ ਨਹੀਂ । ਇਹ ਇੱਕ ਬੁੱਧ ਹੀ ਘੜਨੀ ਜਿਸ ‘ਚ ਰੱਖਣਾ ਹੈ ਕਿ ਸਾਰਾ ਸੰਸਾਰ ਇੱਕ ਜੋਤ (ਗੁਰਬਾਣੀ ਦੁਆਰਾ ਦਰਸਾਇਆ ਹੈ) ਹੈ ।

“ ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥

ਮਾਝ ਮਹਲਾ 4 ਅੰਗ 96

ਇਹ ਵਿਚਾਰ ‘ਚ ਕੋਈ ਦੋ ਰਾਇ ਨਹੀਂ , ਇਹ ਵਿਚਾਰ ਸੁਰਤ ਘੜਨ ਜ਼ਰੂਰੀ ਅਤੇ ਪਹਿਲਾ ਕਦਮ ਹੈ ਅਤੇ ਇਸ ਨਾਲ ਡੋਲਦੀ ਹੋਈ ਆਤਮਾ ਨੂੰ ਆਸਰਾ ਅਤੇ ਟਿਕਾਉ ਦਾ ਅਧਾਰ ਮਿਲਦਾ ਹੈ । ਇਸ ਅਧਾਰ ਦਾ ਸੰਗ ਹੀ ਸਾਧ ਸੰਗਤ ਅਤੇ ਸਰਮ ਖੰਡ ਦੀ ਪਹਿਲੀ ਪੌੜੀ ਹੈ । ਪਹਿਲੀ ਪੌੜੀ ਤੇ ਪੈਰ ਧਰ ਅੰਤਮ ਸਥਿਰਤਾ ਨਹੀਂ ਮਾਣੀ ਜਾ ਸਕਦੀ । ਇਹ ਇਉਂ ਹੈ ਜਿਵੇਂ ਆਤਮਿਕ ਅੰਨ੍ਹੇ ਦੇ ਹੱਥ ਸਹਾਰੇ ਲਈ ਡਾਂਗ ਜਾਂ ਸੋਟੀ ਜਿਸ ਨਾਲ ਟੋਹ-ਟੋਹ ਆਤਮਿਕ ਮਾਰਗ ਤੇ ਪੈੜਾਂ ਪੱਟਣੀਆਂ ਜੋ ਗੁਰਬਾਣੀ ‘ਚ  ਬਿਆਨਿਆ ਹੈ ।

“ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥“

ਆਸਾ ਮਹਲਾ 1 ਅੰਗ 422

ਟੋਹਣੀ ਸਾਡਾ ਸਹਾਰਾ ਹੈ , ਆਪਣੇ ਡੋਲਣ ਜਾਂ ਠੋਕਰਾਂ ਤੋਂ ਬੱਚਣ ਲਈ । ਹੁਣ ਇਸ ਸਹਾਰੇ ਤੇ ਮੈਂ ਆਖਰੀ ਫੈਸਲੇ ਸਣਾਉਣ ਦਾ ਹੱਕਦਾਰ ਨਹੀਂ ਹੋ ਜਾਂਦਾ । ਅਤੇ ਆਪਣਾ ਧਿਆਨ ਇਸ ਮੂਲ ਤਾਂ ਨਾ ਰੱਖ ਆਖਰੀ ਫੈਸਲੇ ਦੇਵਾਂ ਤਾਂ ਮਹਾਰਾਜ ਦਾ ਹੋਰ ਹੁਕਮ ਸਾਹਮਣੇ ਆ ਜਾਂਦੇ ਹੈ , ਜਿਵੇਂ ਕਿ

ਅੰਨੇ੍ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥
ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥
ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓ‍ੁ ਪਰਖਾਇ ॥
ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥

ਸਲੋਕ ਮਹਲਾ 3 ਅੰਗ 1249

ਸੋ ਗੁਰੂ ਅਮਰਦਾਸ ਜੀ ਪ੍ਰਤਖ ਗੁਰਬਾਣੀ ਅਤੇ ਨਾਮ ਸਹਾਰੇ ਦਿਸ਼ਾ ਦਿਖਾ ਰਹੇ ਹਨ ਕਿ ਇਸ ਤੋਂ ਬਾਹਰਾ ਗਿਆਨ ਦੂਯੀ ਕੁਦਰਤ ਨਾਲ ਜੋੜੇਗਾ ।  ਇੱਕ ਇਹ ਵੀ ਗੱਲ ਹੈ ਜਿਉਂ ਅੰਤਰੀਵ ਅਵਸਥਾ ਪ੍ਰਫੁਲਤ ਹੋਵੇਗੀ , ਇਸ ਨਾਲ ਅਵਸਥਾ ਮਾਨਣ ਵਾਲਿਆਂ ਦੀ ਗਿਣਤੀ ਘੱਟਦੀ ਜਾਵੇਗੀ । ਮੇਰੇ ਵਰਗੇ ਲਈ ਗੁਰੂ ਸਾਹਿਬ ਨੇ ਪ੍ਰਤਖ ਹੁਕਮ ਸੁਣਾ ਦਿਤਾ ਹੈ ਕਿ

“ਗਲਾਂ ਕਰੇ ਘਣੇਰੀਆ ਤਾਂ ਅੰਨੇ੍ ਪਵਣਾ ਖਾਤੀ ਟੋਵੈ ॥“

ਮਹਲਾ 1 ਅੰਗ 1412

ਦਰਸ਼ਨ ਦਾ ਮਹਤਵ ਇਤਨਾ ਵੱਧ ਹੈ ਕਿ ਆਮ ਮੇਰਾ ਵਰਗਾ ਜੀਅ ਅੰਦਾਜ਼ਾ ਵੀ ਨਹੀਂ ਲਾ ਸਕਦਾ । ਇਸ ਲਈ ਗੁਰਬਾਣੀ ਬਾਰ-ਬਾਰ ਤਾਕੀਦ ਹੈ ਕਿ ਦਰਸ਼ਨ ਪਿਆਸ ਬਣਾ ਇਸ ਅੰਤਰ ਮਾਰਗ ਤੇ ਪੈਰ ਧਰਨਾ ਅਤੇ ਮਿੰਨਤਾਂ ਜੋਦੜੀਆਂ ਕਰਨੀਆਂ ਹਨ ਕਿ ਗੁਰੂ ਮਾਹਰਾਜ ਕੀ ਕ੍ਰਿਪਾ ਕਰ ਇਸ ਜੀਅ ਦਾ ਧਿਆਨ ਆਪਣੇ ਚਰਨ ਨਾਲ ਜੋੜੋ । ਚਰਨ ਦਰਸਨ ਹੀ ਹਨ, ਜੋ ਹਰ ਜੀਅ ਨੇ ਜੋਤ ਦਰਸ਼ਨ ਪਾ ਪੰਜ ਦੂਤਾਂ ਨਾਲ ਡਾਵਾਂ ਡੋਲ ਜੀਵਨ ਨੂੰ ਆਤਮਿਕ ਅਡੋਲਤਾ ‘ਚ ਆਉਣਾ ਹੈ ।

ਗਉੜੀ ਮਹਲਾ ੫ ॥
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥
ਭਰਮ ਗਏ ਪੂਰਨ ਭਈ ਸੇਵ ॥

ਅੰਗ 200

ਇਸ ਲਈ ਮੰਗ ਇਨ੍ਹਾਂ ਨੇਤ੍ਰਾਂ ਦੀ ਗੁਰੂ ਸਾਹਿਬ ਜੀ ਕੋਲੋਂ ਕਰਣੀ ਹੈ ਨਾ ਕਿ ਆਪ ਹੁਦਰੇ ਆਪਣੇ ਫੈਸਲੇ ਦੇ ਭਟਕਣਾਂ ‘ਚ ਰਹਿਣਾ । ਇਹ ਨੇਤ੍ਰ ਦਾ ਮਹਤਵ ਗੁਰਬਾਣੀ ‘ਚ ਬਹੁਤ ਆਇਆ ਹੈ । ਇਹ ਕਿਉਂ ਹੈ ਸਮਝਣ ਲਈ ਆਪਣੀ ਸੋਚ ਧਿਆਨ ਆਪਣੀਆਂ ਇੰਦ੍ਰੀਆਂ ਤੇ ਰੱਖੋ । ਸਾਰਾ ਬਾਹਰਲਾ ਗਿਆਨ ਇਨ੍ਹਾਂ ਇੰਦ੍ਰੀਆਂ ਰਾਹੀਆਂ ਸਾਡੀ ਸੁਰਤ ‘ਚ ਜਾਦਾ ਹੈ । ਅਸੀਂ ਸਧਾਰਣ ਮਨੁੱਖ ਜਿਨ੍ਹਾਂ ਸਾਰਾ ਦਿਨ ਕ੍ਰਿਤ ਕਰਨੀ ਹੈ , ਸਮਾਜ ‘ਚ ਰਹਿਣਾ , ਭਾਂਤ-ਭਾਂਤ ਲੋਕਾਂ ਨੂੰ ਮਿਲਣਾ ਹੈ । ਉਨ੍ਹਾਂ ਨਾਲ ਸਾਂਝ ਹੈ ਸਾਡੀ, ਅਕ੍ਰਸ਼ਣ ਬਣਦਾ ਹੈ, ਇਸ ਨਾਲ ਸਾਡੇ ਅੰਦਰ ਦ੍ਰਿਸ਼ ਬਣਦੇ ਹਨ , ਜੋ ਸਾਡੀ ਸੁਰਤ ਨੂੰ ਆਪਣੇ ਨਾਲ ਰੁਝਾਈ ਰਖਦੇ ਹਨ ।

ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥
ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥

ਦੁਤਰ ਮਾਇਆ ਕੀ ਹੈ, ਇਸ ਨੂੰ ਸਮਝਣ ਲਈ ਅਸੀਂ ਗੁਰਬਾਣੀ ਦੇ ਚਾਨਣ ‘ਚ ਇਸ ਕਿਤਾਬ ‘ਚ ਵਿਚਾਰ ਕਰਣੀ ਹੈ । ਮਾਇਆ ਕਿੰਨ੍ਹਾਂ ਰੂਪਾਂ ‘ਚ ਇਸ ਜਗਤ ਵਿਆਪ ਰਹੀ , ਇਸ ਜਗਤ ‘ਚ ਕੀ ਹੈ ਜੋ ਇਸ ਮਾਇਆ ਦੇ ਅਸਰ ਤੋਂ ਬਾਹਰ ਹੈ ? ਕੀ ਉਹ ਸਾਡੇ ਨਾਲ ਹੈ ? ਜੇ ਸਾਡੇ ਨਾਲ ਹੈ ਤਾਂ ਉਹ ਕਿੱਥੇ ਹੈ ? ਪਹਿਲਾਂ ਮਾਇਆ ਦਾ ਬਾਰੇ ਗੁਰੂ ਹੁਕਮ ਦੇ ਦਰਸ਼ਨ ਕਰਦੇ ਹਾਂ , ਜਿਸ ਦਾ ਵਿਚਾਰ ਅਗਾਂਹ ਕਿਤਾਬ ‘ਚ ਕਰਾਂਗੇ , ਪਹਿਲਾਂ ਮਾਇਆ ਕੀ ਹੈ ਸਮਝ ਲਈਐ ਗੁਰੂ ਜੀ ਕੋਲੋਂ

ਛਿਅ ਜਤੀ ਮਾਇਆ ਕੇ ਬੰਦਾ ॥
ਨਵੈ ਨਾਥ ਸੂਰਜ ਅਰੁ ਚੰਦਾ ॥
ਤਪੇ ਰਖੀਸਰ ਮਾਇਆ ਮਹਿ ਸੂਤਾ ॥
ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥

ਭਗਤ ਕਬੀਰ ਜੀ ਅੰਗ 1160

ਇਸ ‘ਚ ਭਗਤ ਕਬੀਰ ਜੀ ਨੇ ਸਾਫ ਦਰਸਾ ਦਿੱਤਾ ਹੈ , ਜੋ ਵੀ ਜੀਅ ਅਹੰ ਬੁਧ ‘ਚ ਹੈ ਉਹ ਪੰਚਾਂ ਦੂਤਾਂ ਦੇ ਸੰਗ ਹੈ । ਉਸ ਦੀ ਆਪਣੀ ਹੋਂਦ ਹੀ ਦੂਜਿਆਂ ਨਾਲੋਂ ਅਲੱਗ ਕਰਦੀ ਹੈ , ਅਤੇ ਹਰ ਖਿਆਲ ਜੋ ਹੋਰਾਂ ਹੈ ਦੂਜਿਆਂ ਨਾਲੋਂ ਆਪਣਾ ਆਪ ਅਲੱਗ ਸਮਝਦਾ ਹੈ ਅਤੇ  ਉਨ੍ਹਾਂ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਚ ਦੂਤਾਂ ਨਾਲ ਸਬੰਧ ਦਾ ਖਿਆਲ ਬਣਾ ਚਿਤ੍ਰ ਉਸਾਰਦਾ ਹੈ । ਇਹ ਚਿਤ੍ਰ ਮਾਇਆ ਅਤੇ ਪੰਚ ਦੂਤਾਂ ਨਾਲ ਜੁੜ ਸੁਖ ਦੁਖ ਦੀਆਂ ਸਾਖੀਆਂ ਉਸਾਰਦਾ ਹੈ ।

ਰਾਮਕਲੀ ਬਾਣੀ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥
ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥
ਦੇਵ ਸੰਸੈ ਗਾਂਠਿ ਨ ਛੂਟੈ ॥
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

ਅੰਗ 974

ਇਸ ‘ਚ ਭਗਤ ਰਵਿਦਾਸ ਜੀ ਨੇ ਪ੍ਰਤਖ ਮਾਇਆ ਦੀ ਸਾਖੀ ਦੱਸ ਸਭ ਜੀਅ ਦਾ ਹਾਲ ਦਰਸਾ ਅੰਤ ਸਬਦ ‘ਚ ਇਹ ਦਾਰੂ ਨਾਰਾਇਨ ਜੀਵਨ ਪ੍ਰਾਣ ਧਨ ਮੋਰੇ ਇਕ ਬੁਝਾਰਤ ਵੱਲ ਇਸ਼ਾਰਾ ਕਰ ਦਿਤਾ । ਇਸ ਸਬਦ ‘ਚ ਪੜੀਐ ਸੁਨੀਐ ਗੁਰਬਾਣੀ ਵੱਲ ਇਸ਼ਾਰਾ ਨਹੀਂ ਕਹਿ ਰਹੇ , ਬਲਕਿ ਸੰਸਾਰਿਕ ਪੜਾਈਆਂ ਅਤੇ ਸੰਸਾਰਿਕ ਗਿਆਨ ਦੀਆਂ ਬਾਤਾਂ ਵੱਲ ਇਸ਼ਾਰਾ । ਗੁਰਬਾਣੀ ‘ਚ ਆਇਆ ਉਨ੍ਹਾਂ ਦਾ ਸਬਦ ਇਸ਼ਾਰਾ ਪ੍ਰਭ ਜੋਤ ਵੱਲ ਦੇ ਸਾਡਾ ਧਿਆਨ ਅਧਾਰ ਦਰਸਾ ਰਹੇ ਹਨ ।

ਸਲੋਕੁ ॥
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥

ਅੰਗ 297

ਸਾਧ ਸੰਗ ਜੋ ਵਿਚਾਰ ਹੈ ਜਿਸ ਅਧਾਰ ਪ੍ਰਭ ਜੋਤ ਦਾ ਸੰਗ ਮਾਣ , ਸਭ ‘ਚ ਉਹੀ ਇਕ ਜੋਤ ਅਧਾਰ ਬਣਾ ਇਕ ਸਾਫ ਸੁਥਰੇ ਸਮਾਜ ਉਸਾਰਣ ਦਾ ਵਿਚਾਰ ਹੈ । ਸਭ ‘ਚ ਇਕ ਜੋਤ ਹੀ ਰੂਪ ਮਾਨਣ ਨਾਲ ਇੱਕ ਨਿਰਮਲ ਭਾਉ ਲਈ ਪਹਿਲਾ ਕਦਮ ਹੈ , ਜਿਸ ਦਾ ਸਫਰ ਲੰਮਾ ਪਰ ਸਾਫ ਸੁਥਰਾ ਹੈ । ਜੇ ਕੋਈ ਸਭ ‘ਚ ਇੱਕ ਜੋਤ ਦੇਖਣ ਵਾਲੇ ਵਿਚਾਰ ਤੋਂ ਡੋਲ ਜਾਵੇ ਤਾਂ ਦੁੱਖ ਦਾ ਕਾਰਣ ਹੈ , ਜੋ ਕਿ ਜੀਅ ਆਪਣੇ ਅਤੇ ਦੂਜੇ ਲਈ ਕਰ ਬੈਠਦਾ ਹੈ । ਪ੍ਰਭ ਹੈ ਕੀ ਅਤੇ ਕਿੱਥੇ ਨਿਵਾਸ ਕਰਦਾ ਹੈ , ਆਉ ਗੁਰਬਾਣੀ ਰਾਹੀਂ ਜਾਣੀਐ ।

ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥

ਮਾਰੂ ਮਹਲਾ 3 ਅੰਗ 1066

ਗੁਰੂ ਅਮਰਦਾਸ ਜੀ ਪ੍ਰਤਖ ਦਰਸਨ ਕਰਾ ਗਿਆਨ ਦਿਤਾ ਹੈ ਕਿ ਜੋਤ ਦਾ ਵਾਸਾ ਸਾਡੇ ਅੰਦਰ ਹੈ ਅਤੇ ਗੁਰ ਕ੍ਰਿਪਾ ਦੁਆਰਾ ਹਰਿ ਪ੍ਰਭ ਨਾਉ ਦੈ ਅਤੇ ਇਸ ਨੂੰ ਯਾਦ ਰੱਖਣ ਦਾ ਅਦੇਸ਼ ਦੇ ਸਾਧ ਸੰਗ (ਜੋਤ ਦਾ ਸੰਗ) ਮਾਨਣ ਲਈ ਕਿਹਾ ਜੋ ਕਿ ਸਾਡਾ ਧਰਮ ਮਾਰਗ ਤੇ ਪਹਿਲਾ ਕਦਮ ਹੈ ।

ਮਨਿ ਹਰਿ ਹਰਿ ਲਗਾ ਚਾਉ ॥
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥

ਸਿਰੀਰਾਗ ਮਹਲਾ 4 ਵਣਜਾਰਾ ਅੰਗ 82
ਇਨ੍ਹਾਂ ਪੰਗਤੀਆਂ ਤੋਂ ਬਾਅਦ ਹੈ ਗੁਰ ਸਬਦ ਦੀ ਕਮਾਈ ਦਾ ਅਦੇਸ਼ ਹੈ
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥

ਮਾਹਾਰਾਜ ਗੁਰੂ ਸਾਹਿਬ ਦੇ ਇਸ ਹੁਕਮ ਅਤੇ ਅਦੇਸ਼ ਨਾਲ ਹੁਣ ਕਿਤਾਬ ਸ਼ੁਰੂਆਤ ਕਰਾਂਗੇ ਅਤੇ ਵੱਖਰੇ-ਵੱਖਰੇ ਵਿਸ਼ਿਆਂ ਤੇ ਹੋਰ ਖੋਲ੍ਹ ਕੇ ਗੁਰਬਾਣੀ ਰਾਹੀਂ ਗਿਆਨ ਪਾਵਾਂਗੇ । ਬੇਨਤੀ ਹੈ ਪਾਠਕਾਂ ਨੂੰ ਇਸ ਗਿਆਨ ਨੂੰ ਕਮਾਉਣ ਦਾ ਅਦੇਸ਼ ਹੈ ।

Leave a comment